ਬੰਦ ਕਰੋ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ

ਵਰਗ ਇਤਿਹਾਸਿਕ, ਧਾਰਮਿਕ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ। ਸਿੱਖ ਰੋਜ਼ਾਨਾ ਹੀ ਇਸ ਪਵਿਤਰ ਅਸਥਾਨ ਦੇ ਦਰਸ਼ਨ ਕਰਨ ਦੀ ਅਰਦਾਸ ਕਰਦਾ ਹੈ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਪ੍ਰਮੁੱਖ ਸਿੱਖਾਂ ਨਾਲ ਸਲਾਹ ਕਰਨ ਉਪਰੰਤ ਸੁਲਤਾਨਵਿੰਡ, ਤੁੰਗ, ਗੁਮਟਾਲਾ ਅਤੇ ਗਿਲਵਾਲੀ ਪਿੰਡਾਂ ਦੇ ਵਿਚਕਾਰ ਨਵਾਂ ਨਗਰ ਵਸਾਉਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਨਵਾਂ ਨਗਰ ਵਸਾਇਆ ਜਿਸਨੂੰ ਚੱਕ ਗੁਰੂ, ਗੁਰੂ ਕਾ ਚੱਕ, ਚੱਕ ਰਾਮਦਾਸ ਜਾਂ ਰਾਮਦਾਸਪੁਰਾ ਨਾਵਾਂ ਨਾਲ ਜਾਣਿਆ ਜਾਂਦਾ ਸੀ ਜੋ ਬਾਅਦ ਵਿਚ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ। ਅੰਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਅਗਵਾਈ ਹੇਠ ਸਿੱਖ ਸੰਗਤ ਦੀ ਸੇਵਾ ਨਾਲ ਸੰਪੂਰਨ ਹੋਇਆ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿਚਕਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਿਸਦੀ ਨੀਂਹ 1645 ਬਿਕ੍ਰਮੀ (1588 ਈ.) ਨੂੰ ਰੱਖੀ ਗਈ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਅਤੇ ਹੋਰ ਮੁਖੀ ਸਿੱਖਾਂ ਦੁਆਰਾ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਵਾਏ ਜੋ ਸਮੁਚੀ ਮਾਨਵਤਾ ਨੂੰ ਬਰਾਬਰਤਾ ਦਾ ਸੰਦੇਸ਼ ਦ੍ਰਿੜ ਕਰਵਾਉਂਦੇ ਹਨ। ਇਸੇ ਹੀ ਅਸਥਾਨ ’ਤੇ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਦੋਂ ਸੁਦੀ ਏਕਮ 1661 ਬਿਕ੍ਰਮੀ (1604 ਈ.) ਨੂੰ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।
ਇਸ ਪਵਿੱਤਰ ਅਸਥਾਨ ’ਤੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿਚ ਵਖ-ਵਖ ਧਰਮਾਂ ਦੇ ਲੋਕ ਅਤੇ ਸਿੱਖ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਸੰਗਤ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਅਨੰਦ ਮਾਣਦੀ ਹੈ। ਇਹ ਕੀਰਤਨ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਣ ਤੱਕ ਨਿਰੰਤਰ ਚਲਦਾ ਰਹਿੰਦਾ ਹੈ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁ-ਮੰਜ਼ਿਲਾ ਲੰਗਰ ਹਾਲ ਹੈ ਜਿਥੇ 24 ਘੰਟੇ ਅਤੁਟ ਲੰਗਰ ਵਰਤਦਾ ਹੈ ਅਤੇ ਸੰਗਤ ਬਿਨਾ ਕਿਸੇ ਭੇਦ-ਭਾਵ ਦੇ ਇਕੋ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਦੀ ਹੈ।

ਵਧੇਰੇ ਜਾਣਕਾਰੀ ਲਈ http://www.sgpc.net ਤੇ ਕਲਿੱਕ ਕਰੋ ।

ਫ਼ੋਟੋ ਗੈਲਰੀ

  • ਸ੍ਰੀ ਹਰਿਮੰਦਰ ਸਾਹਿਬ
  • ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਸਰੋਵਰ
  • ਸ੍ਰੀ ਹਰਿਮੰਦਰ ਸਾਹਿਬ ਦਾ ਅੰਦਰੂਨੀ ਦ੍ਰਿਸ਼

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਸ੍ਰੀ ਗੁਰੂ ਰਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ ) ਤੋਂ 13 ਕਿਲੋਮੀਟਰ ਦੀ ਦੂਰੀ ਤੇ ਹੈ।

ਰੇਲਗੱਡੀ ਰਾਹੀਂ

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ ) ਦੀ ਦੂਰੀ 2 ਕਿਲੋਮੀਟਰ ਹੈ।

ਸੜਕ ਰਾਹੀਂ

ਬੱਸ ਸਟੈਂਡ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ ) ਤੋਂ 1.7 ਕਿਲੋਮੀਟਰ ਦੀ ਦੂਰੀ ਤੇ ਹੈ।